ਹਰਿਮੰਦਰ ਸਾਹਿਬ ਵਿੱਚ ਹੁੰਦੀ ਦੁੱਧ ਨਾਲ ਸਫ਼ਾਈ ਦੀ ਸੇਵਾ ਨੂੰ ਕਈਆਂ ਨੇ ਅੱਖੀਂ ਦੇਖਿਆ ਹੈ ਤੇ ਕਈਆਂ ਨੇ ਏਸ ਵਿੱਚ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਹਿੱਸਾ ਵੀ ਪਾਇਆ ਹੈ| ਕੁਝ ਵੀਰ ਇਸ ਨੂੰ ਵੇਖ ਕੇ ਅਸ਼-੨ ਕਰ ਉੱਠਦੇ ਹਨ ਤੇ ਧੰਨ-ਗੁਰੂ -੨ ਪੁਕਾਰਦੇ ਹਨ| ਪਰ ਮੇਰਾ ਮਨ ਸਿੱਖੀ 'ਚ ਘੁੱਸ ਆਈ ਇਸ ਅੰਨ੍ਹੀ ਸ਼ਰਧਾ ਤੇ ਬ੍ਰਾਹਮਣਵਾਦ ਨੂੰ ਦੇਖ ਕੇ ਦੁਖੀ ਵੀ ਹੁੰਦਾ ਹੈ ਤੇ ਹੰਝੂ ਵੀ ਕੇਰਦਾ ਹੈ|
ਦੁਨੀਆਂ ਦੇ ਸਭ ਤੋਂ ਵੱਡੇ ਵਿਗਿਆਨਿਕ ਧਰਮ 'ਚ ਘੁੱਸ ਆਏ ਪਾਖੰਡ ਤੇ ਕਰਮਕਾਂਡਾਂ ਨੇ ਇਸ ਧਰਮ ਦੀ ਮੁੱਢਲੀ ਵਿਚਾਰਧਾਰਾ ਨੂੰ ਹੀ ਜੜ੍ਹੋਂ ਹਿਲਾ ਕੇ ਰੱਖ ਦਿਤਾ ਹੈ| ਅੱਜ ਸਾਡੇ ਲਈ ਸਭ ਤੋਂ ਵੱਡਾ ਸੋਚਣ ਦਾ ਵਿਸ਼ਾ ਇਹ ਹੈ ਕਿ 'ਕਰਮ ਧਰਮ ਪਾਖੰਡ ਜੋ ਦੀਸਹਿ' ਦਾ ਨਾਰ੍ਹਾ ਦੇਣ ਵਾਲੇ ਸਿੱਖ ਧਰਮ 'ਚ ਓਹਨਾਂ ਹੀ ਪਾਖੰਡਾਂ ਨੂੰ ਚੋਰ ਦਰਵਾਜੇ 'ਚੋਂ ਸਿੱਖੀ 'ਚ ਮੁੜ੍ਹ ਵਾੜ ਦਿੱਤਾ ਗਿਆ ਹੈ, ਜਿਹਨਾਂ ਨੇ ਏਸ ਧਰਮ ਦੀ ਨਿਆਰੀ ਹੋਂਦ ਨੂੰ ਖਤਮ ਕਰਨ ਦਾ ਬੀੜ੍ਹਾ ਹੀ ਚੁੱਕ ਲਿਆ ਹੈ!
ਕੁਝ ਵੀਰ ਇਸ ਅੰਨ੍ਹੀ ਸ਼ਰਧਾ ਤੇ ਕਰਮਕਾਂਡ ਨੂੰ ਸੁੱਚਮਤਾ ਦਾ ਨਾਮ ਦੇ ਕੇ ਰਤਾ ਕੁ ਤਾਰਕਿਕ ਗਲ ਕਰਨ ਵਾਲਿਆਂ ਦੇ ਗਲ ਬੇਮੁੱਖ ਦੀ ਤਖ਼ਤੀ ਪਾਣ ਦਾ ਯਤਨ ਕਰਦੇ ਹਨ| ਜੇਕਰ ਤਰਕ ਦੀ ਗਲ ਕਰਨ ਵਾਲਾ ਬੇਮੁੱਖ ਹੈ ਤਾਂ ਸਭ ਤੋਂ ਵੱਡਾ ਬੇਮੁੱਖ ਮੇਰਾ ਬਾਬਾ ਗੁਰੂ ਨਾਨਕ ਹੈ, ਕਿਓਂ ਜੋ ਗੁਰੂ ਨਾਨਕ ਤੋਂ ਵੱਡਾ ਤਰਕਵਾਦੀ ਨਾ ਤਾਂ ਕਦੀ ਇਸ ਸੰਸਾਰ ਤੇ ਹੋਇਆ ਸੀ ਤੇ ਨਾ ਹੀ ਸ਼ਾਇਦ ਕਦੀ ਹੋਵੇ| ਜਿੰਨੀ ਕਰਮਕਾਂਡਾਂ ਦੀ ਵਿਰੋਧਤਾ ਗੁਰੂ ਨਾਨਕ ਨੇ ਕੀਤੀ ਹੈ ਓਨਾ ਸੱਚ ਕਹਿਣ ਬਾਰੇ ਤਾਂ ਸ਼ਾਇਦ ਹੀ ਕਦੇ ਕੋਈ ਸੋਚ ਸਕਦਾ ਹੋਵੇਗਾ| ਪੁਰੀ ਦੇ ਪਾਂਡਿਆਂ ਤੋਂ ਲੈ ਕੇ ਹਰਿਦਵਾਰ ਦੇ ਭੇਖੀਆਂ ਤਕ, ਮੱਕੇ ਦੇ ਕੁਝ ਭੁੱਲੜਾਂ ਤੋਂ ਲੈ ਕੇ ਮੁਲਤਾਨ ਦੇ ਲਿਬਾਸੀ ਪੀਰਾਂ ਤਕ, ਟਿੱਲੇ ਵਾਲੇ ਕੰਨਪਾਟਿਆਂ ਤੋਂ ਲੈ ਕੇ ਵਹਿਮ ਦੇ ਭਰੇ ਸਰੇਵੜਿਆਂ ਤਕ, ਸਭ ਨੂੰ ਗੁਰੂ ਨਾਨਕ ਨੇ ਤਰਕ ਦੇ ਨਾਲ ਹੀ ਮਾਤ ਦਿੱਤੀ; ਕਿਓਂ ਜੋ ਕਿਸੇ ਕੋਲ ਓਸ ਦਾ ਕੋਈ ਉੱਤਰ ਨਹੀਂ ਸੀ| ਤੇ ਗੁਰੂ ਨਾਨਕ ਨੇ ਆਪਣੀ ਉਮੱਤ ਅੱਗੇ ਵੀ ਇੱਕੋ ਸਿਧਾਂਤ ਰਖਿਆ 'ਰੋਸ ਨਾ ਕੀਜੈ ਉੱਤਰ ਦੀਜੈ'| ਪਰ ਅੱਜ ਬਾਬੇ ਗੁਰੂ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਹਰ ਤਰਕ ਦੀ ਗਲ ਕਰਨ ਵਾਲੇ ਦੇ ਮਗਰ ਤਲਵਾਰਾਂ ਲੈ ਕੇ ਪੈ ਜਾਂਦੇ ਹਨ| ਅਸਲ ਵਿਚ ਏਹੋ ਲੋਕ ਬਾਬਾ ਗੁਰੂ ਦੀ ਅਸਲੀ ਸਿੱਖਿਆ ਤੋਂ ਬੇਮੁੱਖ ਵੀ ਹਨ ਤੇ ਓਸਦੇ ਸਭ ਤੋਂ ਵੱਡੇ ਵਿਰੋਧੀ ਵੀ|
ਦੂਜੇ ਜਿਹੜ੍ਹੀ ਰਹੀ ਸੁੱਚਮਤਾ ਦੀ ਗੱਲ, ਤਾਂ ਦੁੱਧ ਨਾਲ ਧੋਣ ਨਾਲ ਸੁੱਚਮਤਾ ਨਹੀਂ ਕੀਟਾਣੂ ਹੀ ਫੈਲਣਗੇ| ਦੁੱਧ, ਕਿਓਂ ਜੋ ਜੈਵਿਕ ਪਦਾਰਥ ਹੈ, ਸੋ ਇਸ ਦੇ ਕਣ ਬੰਦਿਆਂ ਤੇ ਵਾਤਾਵਰਣ ਦੀ ਗਰਮੀ ਦੇ ਚਲਦੇ ਜੈਵਿਕ-ਘਟਣ ਦੀ ਪਰਿਕਿਰਿਆ ਦੇ ਕਾਰਨ ਖਰਾਬ ਹੋ ਕੇ ਹਜ਼ਾਰਾਂ ਕੀਟਾਣੂਆਂ ਨੂੰ ਜਨਮ ਦੇਣਗੇ| ਏਹੋ ਕੀਟਾਣੂ ਹਰਿਮੰਦਰ ਸਾਹਿਬ ਤੇ ਉੱਥੇ ਆਣ ਵਾਲੇ ਸ਼ਰਧਾਲੂਆਂ ਲਈ ਫੇਰ ਸੁੱਚਮਤਾ ਤਾਂ ਛਡੋ ਬਲਕਿ ਬਿਮਾਰੀਆਂ ਦੀ ਸੌਗਾਤ ਬਣਨਗੇ|
ਹਰਿਮੰਦਰ ਸਾਹਿਬ ਵਰਗੇ ਮਹਾਨ ਅਸਥਾਨ 'ਤੇ, ਜਿੱਥੇ ਕਰੋੜਾਂ ਲੋਕਾਂ ਦੀ ਸ਼ਰਧਾ ਜੁੜੀ ਹੋਵੇ ਤੇ ਲੱਖਾਂ ਲੋਕ ਰੋਜਾਨਾ ਦਰਸ਼ਨਾਂ ਵਾਸਤੇ ਆਂਦੇ ਹੋਵਣ, ਉੱਥੇ ਤਾਂ ਸੁੱਚਮਤਾ ਰੱਖਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ| ਸੁੱਚਤਮ ਚਾਹਿਦੀ ਹੈ, ਸਫ਼ਾਈ ਚਾਹਿਦੀ ਹੈ, ਪਰ ਓਹ ਵੀ ਅਕਲ ਦੇ ਨਾਲ| ਦੁੱਧ ਕੁਦਰਤ ਨੇ ਖਾਣ-ਪੀਣ ਵਾਲੀ ਚੀਜ਼ ਬਣਾਈ ਹੈ, ਸਫ਼ਾਈ ਕਰਨ ਵਾਸਤੇ ਨਹੀਂ| ਕਿਸੇ ਚੰਗੇ ਕੀਟਾਣੂ-ਨਾਸ਼ਕ ਨਾਲ ਸਫ਼ਾਈ ਕੀਤੀ ਜਾਵੇ ਤਾਂ ਓਹ ਸਹੀ ਮਾਇਨਿਆਂ 'ਚ ਜ਼ਿਆਦਾ ਸੁੱਚਮਤਾ ਲਿਆਵੇਗੀ|
ਕੁਝ ਵੀਰ ਇਸ ਅਡੰਬਰ ਨੂੰ ਪੁਰਾਤਨ ਰੀਤ ਕਹਿ ਕੇ ਏਸ ਦਾ ਬਚਾਓ ਕਰਦੇ ਹਨ! ਓਹਨਾ ਨੂੰ ਪੁੱਛਣਾ ਚਾਹਿਦਾ ਹੈ ਕੀ ਜਨੇਊ ਪਾਣਾ ਪੁਰਾਤਨ ਰੀਤ ਨਹੀਂ ਸੀ? ਬਲਕਿ ਇਹ ਤਾਂ ਸਭ ਤੋਂ ਵੱਡੀ ਤੇ ਭਾਰਤੀ ਸਮਾਜ ਦੀ ਮੁੱਢਲੀ ਪੁਰਾਤਨ (ਕੁ)ਰੀਤ ਸੀ ਜਿਸ 'ਤੇ ਸਾਡੇ ਬਾਬੇ ਗੁਰੂ ਨੇ ਸਭ ਤੋਂ ਡੂੰਘੀ ਸੱਟ ਮਾਰ ਕੇ ਪੂਰੇ ਸਮਾਜ ਦੀ ਸਦੀਆਂ ਤੋਂ ਚਲਦੀ ਆ ਰਹੀ ਜਾਤੀ ਵਿਵਸਥਾ ਨੂੰ ਜੜੋਂ ਹਿਲਾ ਕੇ ਰੱਖ ਦਿੱਤਾ ਸੀ| ਤੀਜੇ ਗੁਰੂ ਨਾਨਕ ਨੇ ਸਦੀਆਂ ਤੋਂ ਚਲਦੀਆਂ ਆ ਰਹੀਆਂ ਪਰਦੇ ਤੇ ਸਤੀ ਵਰਗੀਆਂ ਲਾਹਨਤਾਂ ਨੂੰ ਬੰਦ ਕਰ ਕੇ ਕੀ ਪੁਰਾਤਨ (ਕੁ)ਰੀਤਾਂ ਦਾ ਖਾਤਮਾਂ ਨਹੀਂ ਸੀ ਕੀਤਾ? ਤੇ ਚੌਥੇ ਗੁਰੂ ਨਾਨਕ, ਹਰਿਮੰਦਰ ਸਾਹਿਬ ਜਿਹਨਾਂ ਦਾ ਸਥਾਨ ਹੈ, ਨੇ ਫ਼ੇਰਿਆਂ ਦੀ ਪੁਰਾਤਨ ਰੀਤ ਨੂੰ ਬੰਦ ਕਰ ਕੇ ਲਾਵਾਂ ਦੇ ਨਾਲ ਵਿਆਹ ਕਰਨ ਦੀ ਨਵੀ ਰੀਤ ਚਲਾਈ ਸੀ| ਪੁਰਾਤਨ (ਕੁ)ਰੀਤਾਂ ਬੰਦ ਕਰਨ ਵਾਲੇ ਕੀ ਸਾਡੇ ਗੁਰੂ ਭੁੱਲੜ ਸਨ ਜਾਂ ਅਸੀਂ ਭੁੱਲੜ ਹਾਂ ਜੋ ਓਹਨਾਂ ਦੀ ਅਸਲੀ ਸਿੱਖਿਆ ਨੂੰ ਸਮਝ ਹੀ ਨਹੀਂ ਪਾਏ?
ਸਫ਼ਾਈ ਦੇ ਨਾਮ ਤੇ ਫਰਸ਼ਾਂ ਤੇ ਡੋਲ੍ਹੇ ਜਾਣ ਵਾਲੇ ਦੁੱਧ ਨੂੰ ਜੇਕਰ ੮-੧੦ ਕਿਲੋਮੀਟਰ ਦੂਰ ਮਾਨਾਂਵਾਲਾ ਵਿੱਚਲੀ ਪਿੰਗਲਵਾੜੇ ਦੀ ਇਮਾਰਤ 'ਚ ਪੁੱਜਦਾ ਕਰ ਦਿੱਤਾ ਜਾਵੇ ਤਾਂ ਜ਼ਿਆਦਾ ਵਧੀਆ ਨਹੀ ਹੋਵੇਗਾ? ਏਹੋ ਦੁੱਧ ਜਦ ਓਥੇ ਵਸਦੇ ਛੋਟੇ ਬੱਚਿਆਂ, ਮਰੀਜ਼ਾਂ ਤੇ ਬਜ਼ੁਰਗਾਂ ਦੇ ਮੂੰਹ ਦੀ ਖੁਰਾਕ ਬਣੇਗਾ ਤਾਂ ਸਿੱਖੀ ਦੀ ਦਿਨ-ਬ-ਦਿਨ ਪਤਿਤ ਹੋ ਰਹੀ ਪਨੀਰੀ ਦੇ ਹਿਰਦੇ ਵਿੱਚ ਆਪਣੇ ਧਰਮ ਦੇ ਲਈ ਮੁੜ੍ਹ ਤੋਂ ਪਿਆਰ ਤੇ ਸਤਿਕਾਰ ਪੈਦਾ ਕਰਨ ਦਾ ਕੰਮ ਕਰੇਗਾ|
ਇਸ ਤੋਂ ਇਲਾਵਾ ਕੀ ਅਸੀਂ ਦਰਬਾਰ ਸਾਹਿਬ ਅਤੇ ਹੋਰਨਾਂ ਸਭਨਾਂ ਗੁਰੂਦਵਾਰਿਆਂ ਦੀ ਸੇਵਾ ਵਾਤਾਵਰਣ-ਪੱਖੀ ਨਹੀਂ ਬਣਾ ਸਕਦੇ? ਹਜ਼ਾਰਾਂ ਮਣ ਪਾਣੀ ਸਿਰਫ਼ ਫ਼ਰਸ਼ਾ ਨੂੰ ਸਾਫ਼ ਕਰਨ 'ਚ ਰੋੜ੍ਹ ਦਿੱਤਾ ਜਾਂਦਾ ਹੈ ਤੇ ਉਹ ਵੀ ਓਦੋਂ ਜਦੋ ਤਾਜ਼ਾ ਖ਼ੋਜ ਕਹਿੰਦੀ ਹੈ ਕਿ ਸੰਨ ੨੦੩੦ ਤਕ ਇਸ ਧਰਤੀ ਦੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਪੀਣ ਦੇ ਪਾਣੀ ਦੀ ੪੦ !ਤਕ ਘਾਟ ਹੋ ਜਾਵੇਗੀ % ਜ਼ਰਾ ਸੋਚੋ ਉਸ ਵਕ਼ਤ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਉਮਰ ਕਿੰਨੀ ਹੋਵੇਗੀ? ਜਿਹੜੀ ਵਾਤਾਵਰਣ ਨੂੰ ਸੰਭਾਲਣ ਦੀਆਂ ਗੱਲਾਂ ਪੂਰੀ ਦੁਨੀਆ ਅੱਜ ਕਰਦੀ ਪਈ ਹੈ, ਉਸਨੂੰ ਸਤਿਕਾਰ ਦੇਣ ਦੀ ਗੱਲ ਤਾਂ ਸਾਡਾ ਗੁਰੂ ਕੋਈ ੬੦੦ ਸਾਲ ਪਹਿਲਾਂ ਕਰ ਗਿਆ ਹੈ, ਜਦੋ ਵਾਤਾਵਰਣ ਕੀ ਹੁੰਦਾ ਹੈ ਇਹ ਕਿਸੇ ਦੇ ਫਰਿਸ਼ਤਿਆਂ ਨੇ ਵੀ ਨਹੀਂ ਸੀ ਸੋਚਿਆ!
ਜਪੁਜੀ ਸਾਹਿਬ ਰੋਜ਼ ਪੜ੍ਹਨ ਵਾਲੇ ਤੇ ਪੂਰੇ ਧਿਆਨ ਨਾਲ ਪੜ੍ਹਨ ਵਾਲਿਆਂ ਨੇ ਅੰਤਲਾ ਸਲੋਕ ਤਾਂ ਜ਼ਰੂਰ ਧਿਆਨ ਨਾਲ ਵਿਚਾਰਿਆ ਹੀ ਹੋਵੇਗਾ?
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ||
ਪਾਣੀ ਨੂੰ ਪਿਤਾ, ਪਵਨ ਨੂੰ ਗੁਰੂ ਤੇ ਧਰਤੀ ਨੂੰ ਮਾਂ ਦਾ ਦਰਜਾ ਦੇਣ ਵਾਲੇ ਗੁਰੂ ਦੇ ਸਿੱਖ ਹੋ ਕੇ ਵੀ ਅਸੀਂ ਕੁਦਰਤ ਦੇ ਇਨ੍ਹਾਂ ਅਨਮੋਲ ਅੰਗਾਂ ਦਾ ਇਤਨਾ ਘਾਣ ਕਿਵੇਂ ਕਰ ਸਕਦੇ ਹਾਂ?
ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰੂ ਕਹਿਣ ਵਾਲਿਓ! ਜਦ ਤਕ ਇਹ ਮਹਾਨ ਇਲਹਾਮ ਨੂੰ ਅਸੀਂ ਸਿਰਫ਼ ਰੁਮਾਲਿਆਂ 'ਚ ਬੰਦ ਕਰ ਕੇ ਉੱਤੇ ਫੁੱਲਾਂ ਦੇ ਹਾਰ ਹੀ ਚੜ੍ਹਾਈ ਗਏ, ਤਦ ਤਕ ਕਿਸੇ ਨੇ ਸਾਡੀ ਮੱਤ ਨੂੰ ਅਕਲ ਨਹੀਂ ਜੇ ਕਹਿਣਾ| ਆਓ! ਏਸ ਗਿਆਨ ਨੂੰ ਉੱਚੀ-੨ ਕੂਕ ਕੇ, ਯਾਨੀਕਿ ਆਪਣੇ ਆਚਰਣ ਵਿਚ ਢਾਲ ਕੇ, ਵਿਸ਼ਵ ਦੇ ਪਰਤੱਖ ਕਰੀਏ| ਕੁਝ ਦੋ-ਚਾਰ ਅੱਖਰਾਂ 'ਤੇ ਹੀ ਚੱਲ ਵਿਖਾਈਏ, ਦੁਨਿਆ ਮਗਰ ਲੱਗ ਤੁਰੇਗੀ, ੧੪੩੦ ਪੰਨੇ ਤਾਂ ਬਹੁਤ ਨੇ!! ਕਿਓਂ ਜੋ ਗੁਰੂ ਨੇ ਕਿਹਾ ਹੈ:
ਜਬ ਲਗ ਖਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰੋਂ ਇਨ ਕੀ ਪਰਤੀਤ॥
ਬਾਬਾ ਗੁਰੂ ਆਪ ਹੀ ਸਾਡੇ ਮਨਮੱਤੀਆਂ ਦੇ ਤੇ ਉਸਦੇ ਅਸਲੀ ਇਲਹਾਮ ਤੋਂ ਬੇਮੁੱਖ ਹੋ ਕੇ ਵਿਹਲੜਾਂ ਦੇ ਟੋਲੇ ਮਗਰ ਲੱਗ ਤੁਰੇ ਇਸ ਵੱਖਰੇ ਹੀ ਬਿਪਰਨ ਦੇ ਪੰਥ ਨੂੰ ਸੁਮੱਤ ਬਖਸ਼ੇ!!